ਸੰਸਕ੍ਰਿਤ ਵਿਚ ਪੰਜਾਬ ਦਾ ਜ਼ਿਕਰ ਮਹਾਂਭਾਰਤ ਵਿਚ ਮਿਲਦਾ ਹੈ। ਜਿਥੇ ਇਸ ਨੂੰ ‘ਪੰਚ-ਨਦਾ’ ਕਿਹਾ ਜਿਸਦਾ ਅਰਥ ਸੀ ‘ਪੰਜ ਨਦੀਆਂ ਦਾ ਦੇਸ’। ਬਾਦ ਵਿਚ ‘ਪੰਜਾਬ’ ਸ਼ਬਦ ਦਾ ਲਿਖਤੀ ਪਹਿਲਾ ਪ੍ਰਮਾਣ ਇਬਨ ਬਤੂਤਾ ਦੀਆਂ ਦੀਆਂ ਲਿਖਤਾਂ ਵਿਚੋ ਮਿਲਦਾ ਹੈ, ਜੋ 14ਵੀਂ ਸਦੀ ਵਿਚ ਪੰਜਾਬ ਆਇਆ ਸੀ। ‘ਪੰਜਾਬ’ 16ਵੀਂ ਸਦੀ ਦੇ ਮੱਧ ਤੋਂ ਬਾਦ ਇਹ ਕਿਤਾਬ ‘ਤਾਰੀਖ਼ ਏ ਸ਼ੇਰ ਸ਼ਾਰ ਸੂਰੀ’ ਵਿਚ ਇਸਦਾ ਜ਼ਿਕਰ ਆਇਆ। ਅਬਦੁਲ ਫੈਜ਼ਲ ਦੀ ਕਿਤਾਬ ‘ਆਈਨ-ਏ-ਅਕਬਰੀ’ ਵਿਚ ਪੰਜਾਬ ਨੂੰ 2 ਰਾਜਾਂ ਲਾਹੌਰ ਅਤੇ ਮੁਲਤਾਨ ਵਿਚ ਵੰਡਿਆ। ਇਸੇ ਕਿਤਾਬ ਦੇ ਦੂਸਰੇ ਭਾਗ ਵਿਚ ਇਕ ਪੂਰੇ ਚੈਪਟਰ ਦਾ ਸਿਰਲੇਖ ‘ਪੰਚਨਦ’ ਰੱਖਿਆ ਮਿਲਦਾ ਹੈ। ਮੁਗਲ ਬਾਦਸ਼ਾਹ ਜਹਾਂਗੀਰ ਨੇ ‘ਤੁਜ਼ਕ ਏ ਜਹਾਂਗੀਰੀ’ ਵਿਚ ਪੰਜਾਬ ਨੂੰ ਪੰਜ ਦਰਿਆਵਾਂ ਦਾ ਦੇਸ ਕਿਹਾ।
ਯੂਨਾਨੀ ਲੋਕ ਪੰਜਾਬ ਨੂੰ ਪੈਂਟਾਪੋਟਾਮੀਆ ਨਾਂ ਨਾਲ ਜਾਣਦੇ ਸਨ ਜੋ ਕਿ ਪੰਜ ਇਕੱਠੇ ਹੁੰਦੇ ਦਰਿਆਵਾਂ ਦਾ ਅੰਦਰੂਨੀ ਡੈਲਟਾ ਹੈ। ਪਾਰਸੀਆਂ ਦੇ ਪਵਿੱਤਰ ਗ੍ਰੰਥ ਅਵੈਸਟਾ ਵਿੱਚ ਪੰਜਾਬ ਖੇਤਰ ਨੂੰ ਪੁਰਾਤਨ ਹਪਤਾ ਹੇਂਦੂ ਜਾਂ ਸਪਤ-ਸਿੰਧੂ (ਸੱਤ ਦਰਿਆਵਾਂ ਦੀ ਧਰਤੀ) ਨਾਲ ਜੋੜਿਆ ਜਾਂਦਾ ਹੈ। ਬਰਤਾਨਵੀ ਲੋਕ ਇਸ ਨੂੰ ਪਰੱਛੀਆ ਕਹਿ ਕੇ ਬੁਲਾਉਂਦੇ ਸਨ। ਇਤਿਹਾਸਕ ਤੌਰ ‘ਤੇ ਪੰਜਾਬ ਯੂਨਾਨੀਆਂ, ਮੱਧ ਏਸ਼ੀਆਈਆਂ, ਅਫ਼ਗਾਨੀਆਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼-ਦੁਆਰ ਰਿਹਾ ਹੈ।
ਪੰਜਾਬ ਦੀ ਕਿਸਮਤ ਵਿਚ ਵੰਡ ਹੀ ਲਿਖੀ ਗਈ ਹੈ। ਕਾਰਨ ਕੋਈ ਵੀ ਹੋਵੇ ਨੁਕਸਾਨ ਪੰਜਾਬ ਦਾ ਕੀਤਾ ਗਿਆ, ਇਸ ਨੂੰ ਕਈ ਵਾਰ ਕੱਟਿਆ ਵੱਡਿਆ ਗਿਆ।
1947 ਦੀ ਵੰਡ ਤੋਂ ਬਾਦ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ ਤੇ ਚੜਦਾ ਪੰਜਾਬ ਰਾਜ ਵਿਚ ਤਬਦੀਲ ਹੋ ਗਿਆ। ਇਸ ਕਤਲੋਗਾਰਤ ਦਾ ਨੁਕਸਾਨ ਦੋਵੇਂ ਪਾਸੇ ਪੰਜਾਬ ਨੇ ਝੱਲਿਆ। 1950 ਵਿਚ ਫਿਰ ਤੋਂ ਦੋ ਵੱਖਰੇ ਰਾਜ ਬਣਾਏ ਗਏ, ਪੰਜਾਬ ਵਿਚ ਪੰਜਾਬ ਦੇ ਸਾਬਕਾ ਰਾਜ ਪ੍ਰਾਂਤ ਨੂੰ ਸ਼ਾਮਿਲ ਕੀਤਾ ਗਿਆ, ਜਦੋਂ ਕਿ ਪਟਿਆਲਾ, ਨਾਭਾ, ਜ਼ੀਂਦ, ਕਪੂਰਥਲਾ, ਮਲੇਰਕੋਟਲਾ, ਫਰੀਦਕੋਟ, ਕਲਸੀਆ ਰਿਆਸਤਾਂ ਨੂੰ ਇਕ ਨਵਾਂ ਰਾਜ ‘ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ (PEPSU) ਵਿਚ ਬਦਲ ਦਿਤਾ ਅਤੇ ਹਿਮਾਚਲ ਪ੍ਰਦੇਸ਼ ਨੂੰ ਕਈ ਰਿਆਸਤਾਂ ਅਤੇ ਕਾਂਗੜੇ ਜਿਲ੍ਹੇ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ।
1956 ਵਿਚ ਪੈਪਸੂ ਨੂੰ ਵਾਪਿਸ ਪੰਜਾਬ ਰਾਜ ਵਿਚ ਮਿਲਾ ਦਿਤਾ ਗਿਆ ਪਰ ਪੰਜਾਬ ਦੇ ਪਹਾੜੀ ਇਲਾਕੇ(ਉਤਰੀ ਜਿਲ੍ਹੇ) ਹਿਮਾਚਲ ਪ੍ਰਦੇਸ਼ ਵਿਚ ਸ਼ਾਮਿਲ ਕਰ ਦਿਤੇ ਗਏ।
1 ਨਵੰਬਰ 1966 ਨੂੰ ਭਾਰੀ ਵਿਰੋਧ ਦੇ ਬਾਵਜੂਦ ਵੀ ਪੰਜਾਬ ਦੀ ਭਾਸ਼ਾ ਦੇ ਅਧਾਰ ’ਤੇ ਮੁੜ ਵੰਡ ਹੋਈ ਅਤੇ ਇਸਨੂੰ 3 ਹਿੱਸੇ ਪੰਜਾਬ ਪ੍ਰਾਂਤ, ਹਰਿਆਣਾ ਅਤੇ ਹਿਮਾਚਲ ਵਿਚ ਵੰਡ ਦਿਤਾ ਗਿਆ। ਲਗਭਗ 6 ਦਹਾਕੇ ਬੀਤਣ ਤੋਂ ਬਾਦ ਵੀ ਪੰਜਾਬ ਕੋਲ ਨਾ ਆਪਣੀ ਰਾਜਧਾਨੀ ਹੈ ਤੇ ਨਾਹੀਂ ਆਪਣੀ ਹਾਈਕੋਰਟ। ਸਾਡੀ ਆਪਣੀ ਗਲਤੀਆਂ ਦੇ ਕਾਰਨ ਅੱਜ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪਾਣੀ ਖ਼ਤਮ ਹੋਣ ਦੀ ਕਾਗਾਰ ’ਤੇ ਖੜੀ ਹੈ, ਬਚਿਆ ਖੁਚਿਆ ਪਾਣੀ ਦੂਸ਼ਿਤ ਕਰ ਲਿਆ। ਪਾਣੀ, ਪੰਜਾਬ ਵਿਚ ਬਸ ਹੁਣ ਇਕ ਮੁੱਦਾ ਹੈ, ਜਿਸ ’ਤੇ ਹਰ ਰੋਜ਼ ਸਿਰਫ਼ ਫੋਕੀ ਬਹਿਸ ਹੁੰਦੀ ਹੈ।
ਬਾਕੌਲ ਸ਼ਾਇਰ ਸਵ: ਕੁਲਵੰਤ ਸਿੰਘ ਗਰੇਵਾਲ
ਪੰਜਾਬ ਨਾ ਸੀਮਾ ਨਾ ਅਸੀਮ
ਪੰਜਾਬ ਤਕਸੀਮ ਦਰ ਤਕਸੀਮ