ਹਰ 10 ਬਾਲਗਾਂ ਵਿੱਚ ਇੱਕ ਯੁਵਾ ਡਾਇਬਟੀਜ਼ ਨਾਲ ਪੀੜਿਤ
ਅੱਜ ਯਾਨੀ ਕਿ 14 ਨਵੰਬਰ ਨੂੰ ਦੁਨੀਆ ਭਰ ਵਿੱਚ ਡਾਇਬਟੀਜ਼ ਡੇ ਮਨਾਇਆ ਜਾਂਦਾ ਹੈ। ਇਸ ਦਿਨ ਸਰ ਫਰੈਡਰਿਕ ਬੈਂਟਿਨ ਦਾ ਜਨਮ ਹੋਇਆ ਸੀ ਜਿਨ੍ਹਾਂ ਨੇ 1922 ਵਿੱਚ ਚਾਰਲਸ ਬੈਸਟ ਨਾਲ ਮਿਲ ਕੇ ਇਨਸੁਲਿਨ ਬਣਾਇਆ ਸੀ। ਅਜੋਕੇ ਸਮੇਂ ਵਿੱਚ ਹਾਲਾਤ ਇਹ ਹੋ ਗਏ ਹਨ ਕਿ ਹਰ 10 ਬਾਲਗਾਂ ਵਿੱਚ ਇੱਕ ਯੁਵਾ ਡਾਇਬਟੀਜ਼ ਨਾਲ ਪੀੜਿਤ ਹੈ। ਮਤਲਬ ਕਿ 537 ਮਿਲੀਅਨ ਯੂਥ। 90 ਪ੍ਰਤੀਸ਼ਤ ਤੋਂ ਜ਼ਿਆਦਾ ਲੋਕਾਂ ਨੂੰ ਟਾਈਪ 2 ਡਾਇਬਟੀਜ਼ ਹੈ ਜੋ ਕਿ ਲਾਈਫ ਸਟਾਈਲ ਤੇ ਖਾਨ ਪੀਣ ਦੀਆਂ ਆਦਤਾਂ ਨੂੰ ਬਦਲ ਕੇ ਕੰਟਰੋਲ ਕੀਤੀ ਜਾ ਸਕਦੀ ਹੈ। ਇਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਚਲਣਾ ਤੇ ਹੋਰ ਸ਼ਰੀਰਿਕ ਗਤੀਵਿਧੀਆਂ ਸ਼ਾਮਿਲ ਨੇ।
ਭਾਰਤ ਵਿੱਚ ਵੀ ਇਸ ਨੂੰ ਲੈ ਕੇ ਕਈ ਤਰਾਂ ਦੀਆਂ ਚੁਣੌਤੀਆਂ ਦਰਪੇਸ਼ ਹਨ। ਬੱਚਿਆਂ ਵਿੱਚ ਵੀ ਇਸਦੇ ਹੋਣ ਦਾ ਖਦਸ਼ਾ ਦਿਨ ਬ ਦਿਨ ਵੱਧ ਰਿਹਾ ਹੈ। ਕਾਰਨ ਹੈ -ਜ਼ਿਆਦਾ ਸਮਾਂ ਫੋਨ ਤੇ ਲਗੇ ਰਹਿਣਾ ਤੇ ਜੀਵਨ ਵਿੱਚ ਸ਼ਰੀਰਿਕ ਗਤੀਵਿਧੀਆਂ ਦਾ ਨਾਮਾਤਰ ਰੂਪ ਵਿੱਚ ਸ਼ਾਮਿਲ ਹੋਣਾ। ਸਰਕਾਰਾਂ, ਡਾਕਟਰ ਤੇ ਅਧਿਆਪਕਾਂ ਸਾਹਿਤ ਮਾਂ -ਬਾਪ ਨੂੰ ਵੀ ਸਚੇਤ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਬਾਹਰ ਦੀਆਂ ਖੇਲਾਂ ਲਈ ਉਤਸ਼ਾਹਿਤ ਕਰਨ।
ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ
ਜੇ ਵਿਸਤਾਰ ਵਿੱਚ ਗੱਲ ਕਰੀਏ ਤਾਂ ਜਦੋਂ ਸਾਡਾ ਸ਼ਰੀਰ ਖੂਨ ਵਿੱਚ ਮੌਜੂਦ ਸ਼ੂਗਰ ਨੂੰ ਜਜ਼ਬ ਨਹੀਂ ਕਰ ਪਾਂਦਾ ਹੈ, ਤਾਂ ਸ਼ੂਗਰ ਦੀ ਬਿਮਾਰੀ ਹੋ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਜਦੋਂ ਸਰੀਰ ਦਾ ਇਮਿਊਨ ਸਿਸਟਮ ਪੈਨਕ੍ਰੀਆਜ਼ ਦੇ ਇਨਸੁਲਿਨ ਪੈਦਾ ਕਰਨ ਵਾਲੇ ਸੈੱਲਾਂ ‘ਤੇ ਹਮਲਾ ਕਰਦਾ ਹੈ, ਤਾਂ ਪੈਨਕ੍ਰੀਆਜ਼ ਇਨਸੁਲਿਨ ਪੈਦਾ ਕਰਨ ਵਿੱਚ ਅਸਮਰੱਥ ਹੁੰਦਾ ਹੈ ਅਤੇ ਟਾਈਪ 1 ਡਾਇਬਟੀਜ਼ ਰੋਗ ਹੋ ਜਾਂਦਾ ਹੈ। ਹੋਰ ਸੋਖੀ ਭਾਸ਼ਾ ਵਿੱਚ ਕਹੀਏ ਤਾਂ ਇਨਸੁਲਿਨ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ। ਇਨਸੁਲਿਨ ਦੀ ਕਮੀ ਕਰਕੇ ਖੂਨ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ। ਮਰੀਜ਼ਾਂ ਨੂੰ ਇਸ ਸਥਿਤੀ ਤੋਂ ਬਚਣ ਲਈ ਨਿਯਮਤ ਅੰਤਰਾਲਾਂ ‘ਤੇ ਨਕਲੀ ਇਨਸੁਲਿਨ ਲੈਣਾ ਪੈਂਦਾ ਹੈ। ਜੇਕਰ ਲੰਬੇ ਅੰਤਰਾਲ ਤੱਕ ਖੂਨ ‘ਚ ਸ਼ੂਗਰ ਦੀ ਮਾਤਰਾ ਘੱਟ ਰਹਿੰਦੀ ਹੈ ਤਾਂ ਮਰੀਜ਼ ਨੂੰ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਇਸ ਵਿੱਚ ਕਿਡਨੀ ਫੇਲ੍ਹ ਹੋਣਾ, ਅੱਖਾਂ ਦੀ ਰੋਸ਼ਨੀ ਜਾਣਾ ਅਤੇ ਦਿਲ ਦਾ ਦੌਰਾ ਸ਼ਾਮਲ ਹੈ।
ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਕਿ ਇਹ ਨਹੀਂ ਜਾਣਦੇ ਕਿ ਉਹਨਾਂ ਨੂੰ ਸ਼ੁਗਰ ਹੈ ਵੀ ਕਿ ਨਹੀਂ ਕਿਉਂਕਿ ਉਹਨਾਂ ਨੇ ਕਦੇ ਟੈਸਟ ਹੀ ਨਹੀਂ ਕਰਵਾਇਆ। ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਕਿਸੀ ਵੀ ਤਰਾਂ ਦੀ ਤਕਲੀਫ ਹੁੰਦੇ ਸਾਰ ਹੀ ਉਹ ਡਾਕਟਰ ਦੀ ਮਦਦ ਲੈਣ ਤਾਂ ਕਿ ਬਿਮਾਰੀ ਬਾਰੇ ਪਤਾ ਲੱਗਦਿਆਂ ਹੀ ਇਲਾਜ ਸ਼ੁਰੂ ਕੀਤਾ ਜਾ ਸਕੇ।